Thursday, June 7, 2012

Back Door, A Punjabi Story (ਡਾਕਟਰ ਸਾਥੀ ਲੁਧਿਆਣਵੀ)

Back Door, A Punjabi Story (ਡਾਕਟਰ ਸਾਥੀ ਲੁਧਿਆਣਵੀ)


ਜਦੋਂ ਤੋਂ ਤਿੰਨ ਪੰਜਾਬੀ ਮੁੰਡੇ ਜਿਹੜੇ ਕਿ ਇਸ ਦੇਸ ਵਿਚ ਇੱਲੀਗਲ ਇੱਮੀਗਰਾਂਟਸ ਸਨ, ਉਨ੍ਹਾਂ ਦੇ ਗਾਰਡਨ ਵਿਚ ਬਣੇ ਹੋਏ ਪਿਛਲੇ ਰੂਮ ਵਿਚ ਕਿਰਾਏਦਾਰਾਂ ਵਜੋਂ ਰਹਿਣ ਲੱਗੇ ਸਨ, ਘਰ ਵਿਚ ਇਕ ਅਜਬ ਕਿਸਮ ਦੀ ਚਹਿਲ ਪਹਿਲ ਤੇ ਰੌਣਕ ਲੱਗ ਗਈ ਸੀ। ਹਾਲਾਂਕਿ ਇਨ੍ਹਾਂ ਮੁੰਡਿਆਂ ਦਾ ਘਰ ਦੇ ਮੇਨ ਏਰੀਏ  ਵਿਚ ਆਉਣ ਦਾ ਕੋਈ ਕੰਮ ਨਹੀਂ ਸੀ ਕਿਉਂਕਿ ਬੈਕ ਗਾਰਡਨ (ਅਮਰੀਕਾ ਅਤੇ ਕੈਨੇਡਾ ਵਿਚ ਘਰ ਦੇ ਬੈਕ ਗਾਟਡਨ ਨੂੰ ਬੈਕ ਯਾਰਡ  ਕਿਹਾ ਜਾਂਦਾ ਹੈ) ਨੂੰ ਜਾਣ ਵਾਸਤੇ ਇਕ ਵੱਖ਼ਰਾ ਗੇਟ ਤੇ ਵੱਖ਼ਰੀ ਐਲੀ  ਸੀ। ਘਰ ਦੇ ਮਾਲਕ ਅਖ਼ਤਿਆਰ ਸਿੰਘ ਨੂੰ ਇਸ ਗੱਲ ਦਾ ਫ਼ਿਕਰ ਜ਼ਰੂਰ ਸੀ ਕਿ ਪਿਛਲੇ ਰੂਮ  ਵਿਚ ਸ਼ਾਵਰ  ਦੀਆਂ ਸੰਵਿਧਾਵਾਂ ਨਾ ਹੋਣ ਕਾਰਨ ਕਦੇ ਕਦੇ ਇਨ੍ਹਾਂ ਮੁੰਡਿਆਂ ਨੂੰ ਮੇਨ ਘਰ ਵਿਚ ਆਉਣਾ ਪੈਂਦਾ ਸੀ ਪਰ ਇਸ ਗੱਲ ਵਾਸਤੇ ਉਸ ਨੇ ਇਨ੍ਹਾਂ ਨੂੰ ਹਦਾਇਤ ਦੇ ਰੱਖ਼ੀ ਸੀ ਕਿ ਉਹ ਉਦੋਂ ਹੀ ਸ਼ਾਵਰ ਲੈਣ ਲਈ ਆਉਣ ਜਦੋਂ ਉਹ ਖ਼ੁਦ ਘਰ ਵਿਚ ਹਾਜ਼ਰ ਹੋਵੇ। ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਗ਼ੈਰਹਾਜ਼ਰੀ ਵਿਚ ਉਸ ਦੀ ਜਵਾਨ ਬੀਵੀ ਨਾਲ਼ ਕੋਈ ਓਪਰਾ ਬੰਦਾ ਕਿਸੇ ਕਿਸਮ ਦੀ ਵੀ ਵਾਰਤਾਲਾਪ ਕਰੇ।


ਅਖ਼ਤਿਆਰ ਸਿੰਘ ਤੋਂ ਉੱਲਟ ਉਸ ਦੀ ਬੀਵੀ ਪਾਲਾਂ ਬੇਹੱਦ ਖ਼ੁਸ਼ ਸੀ। ਸ਼ੱਕੀ ਸੁਭਾਅ ਦਾ ਹੋਣ ਕਾਰਨ ਉਹ ਪਾਲਾਂ ਨੂੰ ਸਾਂਭ ਸਾਂਭ ਰੱਖ਼ਦਾ ਸੀ। ਇਥੋਂ ਤੀਕ ਕਿ ਉਸ ਨੇ ਉਸ ਨੂੰ ਇਸ ਦੇਸ ਵਿਚ ਕੰਮ ਵੀ ਨਹੀਂ ਸੀ ਕਰਨ ਦਿੱਤਾ। ਪਾਲਾਂ ਸੋਚਦੀ ਕਿ ਜੇਕਰ ਕਿਧਰੇ ਉਹ ਕੰਮ ਕਰਦੀ ਹੁੰਦੀ ਤਾਂ ਕਮ ਸ ਕਮ ਕਿਸੇ ਨਾਲ਼ ਗੱਲ ਬਾਤ ਹੀ ਕਰ ਸਕਦੀ। ਉਂਝ ਵੀ ਉਨ੍ਹਾਂ ਦੀ ਮਾਇਕ ਹਾਲਤ ਏਨੀਂ ਚੰਗੀ ਨਹੀਂ ਸੀ ਕਿ ਇੱਕੋ ਬੰਦੇ ਦੇ ਕੰਮ ਕਰਨ ਨਾਲ਼ ਚੰਗਾ ਗ਼ੁਜ਼ਾਰਾ ਹੋ ਸਕਦਾ। ਇਸੇ ਲਈ ਤਾਂ ਅਖ਼ਤਿਆਰ ਸਿੰਘ ਓਵਟਾਈਮ ਨਹੀਂ ਸੀ ਛੱਡਦਾ। ਪਰਓਵਰਟਾਈਮ ਲਾਉਣ ਦੀ ਵਜਾਹ ਇਕ ਹੋਰ ਵੀ ਸੀ। ਉਹ ਇਹ ਸੀ ਕਿ ਦਰਅਸਲ ਪਾਲਾਂ ਅਖ਼ਤਿਆਰ ਸਿੰਘ ਦੀ ਦੂਜੀ ਬੀਵੀ ਸੀ। ਪਹਿਲੀਂ ਤੀਵੀਂ ਨਾਲ਼ੋਂ ਉਸ ਦਾ ਤਲਾਕ ਹੋ ਗਿਆ ਸੀ। ਕਹਿੰਦੇ ਨੇ ਕਿ ਉਸ ਦੇ ਕਿਸੇ ਹੋਰ ਬੰਦੇ ਨਾਲ਼ ਕੰਮ ਦੀ ਥਾਂ ਉੱਤੇ ਸਰੀਰਕ ਸੰਬੰਧ ਹੋ ਗਏ ਸਨ। ਦੋ ਬੱਚੇ ਵੀ ਸਨ। ਵੀਕ ਦੇ ਪੰਜਾਹ ਪੌਂਡ ਤਾਂ ਉਨ੍ਹਾਂ ਦੇ ਹੀ ਕੱਟੇ ਜਾਂਦੇ ਸਨ ਕਿਉਂਕਿ ਇਹ ਕੋਰਟ ਦਾ ਆਰਡਰ ਸੀ ਕਿ ਇਨ੍ਹਾਂ ਬੱਚਿਆਂ ਦਾ ਖ਼ਰਚਾ ਵੀ ਅਖ਼ਤਿਆਰ ਸਿੰਘ ਹੀ ਦੇਵੇ। ਖ਼ੈਰ ਤਲਾਕ ਪਿੱਛੋਂ ਅਖ਼ਤਿਆਰ ਸਿੰਘ ਇੰਡੀਆ  ਗਿਆ ਤੇ ੳਮਰੋਂ ਅੱਧੀ ਤੇ ਪੜ੍ਹੀ ਲਿਖ਼ੀ ਪਾਲ਼ਾਂ ਨੂੰ ਵਿਆਹ ਲਿਆਇਆ। ਦਸ ਕੁ ਸਾਲ ਪਹਿਲਾਂ ਇੰਗਲੈਂਡ ਵਿਚ ਆਈ ਪਾਲਾਂ ਦੇ ਉਪਰੋਥਲ਼ੀ ਦੋ ਬੱਚੇ ਪੈਦਾ ਹੋ ਗਏ। ਇਕ ਮੁੰਡਾ ਤੇ ਇਕ ਕੁੜੀ।

ਜਦੋਂ ਤੋਂ ਬਾਹਰਲੇ, ਪਰ ਖ਼ਾਸ ਕਰਕੇ ਏਸ਼ੀਅਨ ਅਤੇ ਈਸਟਰਨ ਯੌਰਪੀਅਨ ਦੇਸਾਂ ਤੋਂ ਇਸ ਦੇਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕੀਂ ਆਉਣੇ ਸ਼ੁਰੂ ਹੋਏ ਸਨ, ਲੰਡਨ ਵਿਚ ਰਿਹਾਇਸ਼ੀ ਮਕਾਨਾਂ ਅਤੇ ਕਮਰਿਆ ਦੀ ਗਿਣਤੀ ਘਟ ਗਈ ਸੀ। ਜਿਨਾ੍ਹਂ ਕੋਲ਼ ਵਾਧੂ ਰਿਹਾਇਸ਼ੀ ਕਮਰੇ ਸਨ ਉਨ੍ਹਾਂ ਦੀ ਚਾਂਦੀ ਬਨਣ ਲੱਗ ਪਈ ਸੀ। ਲੋਕਲ ਕੌਂਸਲਾਂ ਦੇ ਪਲੈਨਿੰਗ ਵਿਭਾਗ ਕੋਲ਼ ਧੜਾ ਧੜ ਘਰਾਂ ਦੀ ਐਕਸਟੈਨਸ਼ਨ ਕਰਨ ਦੀਆਂ ਅਰਜ਼ੀਆਂ ਆ ਰਹੀਆਂ ਸਨ। ਬਹੁਤੀਆਂ ਅਰਜ਼ੀਆਂ ਬੈਕ ਗਾਰਡਨ ਵਿਚ ਕਮਰਾ ਬਣਾਉਣ ਦੀਆਂ ਸਨ। ਇਸ ਕਮਰੇ ਨੂੰ ਪਲੇਅ ਰੂਮ ਕਿਹਾ ਜਾਂਦਾ ਹੈ ਤੇ ਇਸ ਵਿਚ ਕਿਸੇ ਨੂੰ ਵੀ ਰਹਿਣ ਦੀ ਆਗਿਆ ਨਹੀਂ ਜੇ ਹੁੰਦੀ। ਪਰ ਇੰਡੀਅਨ ਤੇ ਪਾਕਿਸਤਾਨੀ ਇਨ੍ਹਾਂ ਸ਼ਰਤਾਂ ਨੂੰ ਕੀ ਸਮਝਦੇ ਹਨ? ਕਹਿ ਦਿੰਦੇ ਨੇ ਕਿ ਜਦੋਂ ਫ਼ੜੇ ਜਾਵਾਂਗੇ ਤਾਂ ਦੇਖ਼ੀ ਜਾਵੇਗੀ। ਜ਼ਾਹਰਾ ਤੌਰ ਤੇ ਇਹੋ ਜਿਹੀਆਂ ਐਪਲੀਕੇਸ਼ਨਾਂ ਦੇਣ ਵਾਲ਼ਿਆਂ ਵਿਚ ਵਧੇਰੇ ਗਿਣਤੀ ਇੰਡੀਅਨ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਹੀ ਸੀ। ਇੱਲੀਗਲ ਤੌਰ ਤੇ ਆਉਂਦੇ ਲੋਕਾਂ ਵਿਚ ਵਧੇਰੇ ਗਿਣਤੀ ਪੰਜਾਬੀ ਨੌਜਵਾਨਾ ਦੀ ਸੀ। ਪਿਛਲਿਆਂ ਕਮਰਿਆਂ ਨੂੰ ਰਿਹਾਇਸ਼ੀ ਬਨਾਉਣ ਲਈ ਕਈਆਂ ਘਰਾਂ ਵਾਲ਼ਿਆਂ ਨੇ ਟੌਇਲਟਕਿਚਨ ਅਤੇ ਸ਼ਾਵਰ ਯੁਨਿਟ  ਵੀ ਲਗਵਾ ਲਏ ਸਨ। ਉਹ ਇਹ ਉਦੋਂ ਲਗਵਾਉਂਦੇ ਜਦੋਂ ਕੌਂਸਲ ਦੇ ਪਲੈਨਿੰਗ ਅਫ਼ਸਰ ਬਿਲਡਿੰਗ ਕੰਪਲੀਸ਼ਨ ਦਾ ਸਰਟੀਫ਼ੀਕੇਟ ਦੇ ਕੇ ਚਲੇ ਜਾਂਦੇ। ਲੋਕਾਂ ਨੂੰ ਇਹ ਸਲਾਹਾਂ ਆਮ ਤੌਰ ਤੇ ਆਪਣੇ ਹੀ ਲੋਕੀਂ ਇਕ ਦੂਸਰੇ ਨੂੰ ਦਿੰਦੇ ਤੇ ਇੰਝ ਕਨੂੰਨ ਦੀਆਂ ਧੱਜੀਆਂ ਉੱਡਾਉਂਦੇ।

ਕਿਉਂਕਿ ਪਾਲਾਂ ਹੁਰਾਂ ਦਾ ਗਾਰਡਨ ਏਨਾ ਚੌੜਾ ਨਹੀਂ ਸੀ, ਇਸ ਲਈ ਉਹ ਇਸ ਬੈਕ ਰੂਮ ਵਿਚ ਸ਼ਾਵਰ ਯੁਨਿਟ ਨਹੀਂ ਸਨ ਫ਼ਿੱਟ ਕਰਵਾ ਸਕੇ। ਇਸੇ ਲਈ ਤਾਂ ਇਨ੍ਹਾਂ ਤਿੰਨਾਂ ਹੀ ਮੁੰਡਿਆਂ ਨੂੰ ਸ਼ਾਵਰ ਲੈਣ ਲਈ ਮੇਨ ਘਰ ਵਿਚ ਆਉਣਾ ਪੈਂਦਾ ਸੀ। ਅਖ਼ਤਿਆਰ ਸਿੰਘ ਨੂੰ ਕਿਰਾਏ ਦੇ ਇਕ ਸੌ ਵੀਹ ਪੌਂਡ ਪ੍ਰਤੀ ਵੀਕ ਦੇ ਆਉਂਦੇ ਨਸ਼ਾ ਚਾੜ੍ਹੀ ਰੱਖ਼ਦੇ ਤੇ ਉਹ ਹੋਰ ਗੱਲਾਂ ਨੂੰ ਵਿਸਾਰ ਛੱਡਦਾ। ਮਾਇਆ ਦਾ ਜਾਦੂ ਹੀ ਕੁਝ ਐਸਾ ਹੁੰਦਾ ਹੈ।

ਪਿਛਲੇ ਰੂਮ ਵਿਚ ਰਹਿੰਦੇ ਤਿੰਨੋਂ ਨੌਜਵਾਨ ਬੜੀ ਰੰਗੀਨ ਤਬੀਅਤ ਦੇ ਸਨ। ਭਾਵੇਂ ਉਨ੍ਹਾਂ ਸਿਰ ਕਰਜ਼ੇ ਚੜ੍ਹੇ ਹੋਏ ਸਨ। ਸ਼ਾਇਦ ਜ਼ਮੀਨਾਂ ਵੀ ਗਹਿਣੇ ਰੱਖ਼ ਕੇ ਆਏ ਸਨ। ਏਥੇ ਵੀ ਉਨ੍ਹਾਂ ਨੂੰ ਕਦੇ ਕੰਮ ਮਿਲਦਾ ਸੀ ਤੇ ਕਦੇ ਨਹੀਂ ਸੀ ਮਿਲਦਾ ਤੇ ਇਕ ਕਿਸਮ ਦਾ ਮਸੀਂ ਗੁਜ਼ਾਰਾ ਹੀ ਕਰਦੇ ਸਨ ਪਰ ਉਹ ਹਮੇਸ਼ਾ ਹੱਸਦੇ ਖ਼ੇਡਦੇ ਹੀ ਲਗਦੇ। ਕੰਮੋਂ ਆਕੇ ਰੱਲ ਮਿਲ਼ ਕੇ ਸਬਜ਼ੀਆਂ ਤੇ ਮੀਟ ਬਣਾਉਂਦੇ। ਗਾਣੇ ਸੁਣਦੇ ਤੇ ਨਸ਼ੇ ਦੀ ਲੋਰ ਵਿਚ ਕਦੇ ਕਦੇ ਗਾਣਿਆ ਦੇ ਨਾਲ਼ ਨਾਲ਼ ਗਾਉਂਦੇ ਵੀ ਤੇ ਭੰਗੜੇ ਵੀ ਪਾਉਂਦੇ। ਵੀਕ ਐਂਡ ਉੱਤੇ ਵਧੀਆ ਕੱਪੜੇ ਪਾ ਕੇ ਤੇ ਸ਼ੌਕੀਨ ਬਣ ਕੇ ਫ਼ਿਲਮਾਂ ਵੇਖ਼ਣ ਜਾਂਦੇ। ਉਨ੍ਹਾਂ ਨੂੰ ਹੱਸਦਿਆਂ ਖ਼ੇਡਦਿਆਂ ਦੇਖ਼ ਕੇ ਪਾਲ਼ਾਂ ਦਾ ਦਿਲ ਮਚਲਦਾ ਤੇ ਉਹਦਾ ਜੀਅ ਕਰਦਾ ਕਿ ਉਹ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਵਿਚ ਸ਼ਾਮਲ ਹੋ ਜਾਵੇ ਪਰ ਉਹ ਇੰਝ ਨਾ ਕਰ ਸਕਦੀ। ਪਰ ਫ਼ਿਰ ਵੀ ਉਹ ਬੱਚਿਆਂ ਕੋਲ਼ ਕਦੇ ਕਦੇ ਸਬਜ਼ੀ ਜਾਂ ਮੀਟ ਦੀਆਂ ਕੌਲੀਆਂ ਭੇਜ ਦਿੰਦੀ। ਜਿਸ ਦਿਨ ਸਾਗ਼ ਬਣਾਇਆ ਹੋਇਆ ਹੁੰਦਾ ਤਾਂ ਮੱਕੀ ਦੀਆਂ ਰੋਟੀਆਂ ਵੀ ਸਪੈਸ਼ਲ ਤੌਰ ਤੇ ਭੇਜਦੀ।

ਪਿੱਛਲੇ ਰੂਮ ਵਿਚ ਰਹਿੰਦੇ ਸੱਤੀ, ਪਾਲੀ ਅਤੇ ਕੁਮਾਰ ਸਵੇਰੇ ਹੀ ਘਰੋਂ ਚਲੇ ਜਾਂਦੇ। ਉਹ ਸ਼ਹਿਰ ਦੇ ਇਕ ਕਾਰ ਪਾਰਕ ਵਿਚ ਹੋਰਨਾਂ ਇੱਲੀਗਲ ਇੱਮੀਗਰਾਂਟਸ ਨਾਲ਼ ਜਾ ਰਲ਼ਦੇ। ਉਹ ਸੋਚਦੇ ਕਿ ਇੰਡੀਆ ਵਿਚ ਇੰਝ ਭਈਏ ਦਿਹਾੜੀ ਲਾਉਣ ਲਈ ਖ਼ੜੋਇਆ ਕਰਦੇ ਸਨ। ਉਨ੍ਹਾਂ ਵਰਗੀ ਹੀ ਇਨ੍ਹਾਂ ਦੀ ਵੀ ਤਾਂ ਤ੍ਰਾਸਦੀ ਸੀ ਨਾ? ਇਨ੍ਹਾਂ ਵਿਚੋਂ ਇਕ ਨੂੰ, ਦੋ ਨੰਦ ਜਾਂ ਸਾਰਿਆਂ ਨੂੰ ਅਗ਼ਰ ਕੋਈ ਘਰ ਦੇ ਗਾਰਡਨ ਦੀ ਸਫ਼ਾਈ ਆਦਿ ਲਈ ਲੈ ਜਾਂਦਾ ਜਾਂ ਕੋਈ ਇੰਡੀਅਨ ਬਿਲਡਰ ਆਪਣੇ ਨਾਲ਼ ਲੈ ਜਾਂਦਾ ਤਾਂ ਬੱਲੇ ਬੱਲੇ। ਵਰਨਾ ਵਿਹਲੇ ਬੰਦੇ ਗਲ਼ੀਆਂ ਬਜ਼ਾਰਾਂ ਵਿਚ ਘੁੰਮਦੇ ਰਹਿੰਦੇ, ਵਿੰਡੋ ਸ਼ੌਪਿੰਗ ਕਰਦੇ ਰਹਿੰਦੇ ਅਤੇ ਗੋਰੀਆਂ, ਭੂਰੀਆਂ ਤੇ ਕਾਲ਼ੀਆਂ ਤੀਵੀਆਂ ਨੂੰ ਘੁਰਦੇ ਰਹਿੰਦੇ। ਇਨ੍ਹਾਂ ਤਿੰਨਾਂ ਚੋ ਕੋਈ ਅਗਰ ਆਵਾਰਾਗਰਦੀ ਨਾ ਕਰਨਾ ਚਾਹੁੰਦਾ ਤਾਂ ਉਹ ਘਰ ਆ ਕੇ ਜਾਂ ਤਾਂ ਸੌਂ ਜਾਂਦਾ ਜਾਂ ਟੇਪ ਲਗਾਕੇ ਗਾਣੇ ਸੁਣਦਾ ਰਹਿੰਦਾ। ਵੈਸੇ ਜਿਸਮ ਦੇ ਤਕੜੇ ਹੋਣ ਕਾਰਨ ਉਹ ਅਕਸਰ ਹੀ ਕੰਮੀ ਲੱਗੇ ਰਹਿੰਦੇ। ਬੇਸ਼ੱਕ ਉਨ੍ਹਾਂ ਨੂੰ ਕਨੂੰਨਨ ਮਿਨੀਮੰਮ ਵੇਜ ਨਹੀਂ ਸੀ ਦਿੱਤੀ ਜਾਂਦੀ। ਕੰਮ ਦੇਣ ਵਾਲਾ ਕਹਿੰਦਾ ਕਿ ਉਨ੍ਹਾਂ ਨੇ ਕਿਹੜਾ ਕੋਈ ਟੈਕਸ ਦੇਣਾ ਹੁੰਦਾ ਹੈ।

ਇਨ੍ਹਾਂ ਤਿੰਨਾਂ ਵਿਚੋਂ ਸੱਤੀ ਹੀ ਵੱਖ਼ਰਾ ਸੀ। ਕੰਮ ਤੋਂ ਅਗ਼ਰ ਬਹੁਤੀ ਕੁਤਾਹੀ ਕਰਦਾ ਤਾਂ ਇਹ ਸੱਤੀ ਹੀ ਹੁੰਦਾ। ਉਹ ਭਾਰਾ ਕੰਮ ਕਰਨ ਤੋਂ ਕਤਰਾਉਂਦਾ ਸੀ। ਉਸ ਨੂੰ ਬਿਲਡਿੰਗ ਵਰਕ ਚੰਗਾ ਨਹੀਂ ਸੀ ਲੱਗਦਾ। ਵੈਸੇ ਤਾਂ ਅਕਸਰ ਹੀ ਇਹ ਨੌਜਵਾਨ ਪੰਜਾਬ ਦੇ ਖ਼ਾਂਦੇ ਪੀਂਦੇ ਘਰਾਂ ਚੋਂ ਹੀ ਆਏ ਹੁੰਦੇ ਹਨ ਵਰਨਾਂ ਗਰੀਬਾਂ ਦੇ ਮੁੰਡਿਆਂ ਕੋਲ਼ ਤਾਂ ਸ਼ਹਿਰ ਜਾਣ ਲਈ ਵੀ ਕਿਰਾਇਆ ਨਹੀਂ ਹੁੰਦਾ ਤੇ ਲੰਡਨ ਜੋਗਾ ਕਿੱਥੋਂ ਹੋ ਜਾਵੇਗਾ?

ਪਰ ਸੱਤੀ ਤਾਂ ਮਾਪਿਆਂ ਦਾ ਡਾਢਾ ਹੀ ਲਾਡਲਾ ਪੁੱਤ ਜਾਪਦਾ ਸੀ। ਇੱਕ ਦਿਨ ਸ਼ਾਵਰ ਲੈਣ ਆਇਆ ਤਾਂ ਪਾਲਾਂ ਇਕੱਲੀ ਸੀ। ਇਸ ਲਈ ਗੱਲੀਂ ਲੱਗ ਗਿਆ। ਦਸਦਾ ਸੀ ਕਿ ਉਹ ਮਾਪਿਆਂ ਦਾ ਕੱਲਾ ਕਾਰਾ ਪੁੱਤ ਸੀ। ਜ਼ਮੀਨ ਬਥੇਰੀ ਸੀ। ਆਮਦਨ ਵੀ ਠੀਕ ਠਾਕ ਹੀ ਸੀ ਪਰ ਇਸ ਚੰਦਰੀ ਵਲੈਤ ਦੀ ਚਾਹ ਨੇ ਸਾਹ ਨਹੀਂ ਲੈਣ ਦਿੱਤਾ। ਦੋ ਵਧੀਆ ਖ਼ੇਤ ਗਿਰਵੀ ਰੱਖ਼ ਕੇ ਮਾਸਕੋ ਤੇ ਫ਼ਿਰ ਯੂਰਪ ਦੇ ਹੋਰ ਦੇਸਾਂ ਵਿਚੀਂ ਹੁੰਦਾ ਹੋਇਆਂ ਤਕੜੀ ਖ਼ੱਜਲ ਖ਼ੁਆਰੀ ਪਿੱਛੋਂ ਇੰਗਲੈਂਡ ਪੁੱਜਿਆ ਸੀ। ਫ਼ਿਰ ਉਸ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ ਸੀ,''ਆਂਟੀ ਜੀ, ਕਿਸਮਤ ਦੇ ਖ਼ੇਲ ਦੇਖ਼ ਲਓ। ਉਧਰ ਬਿਹਾਰੀ ਭਈਏ ਰੱਖ਼ੇ ਹੋਏ ਨੇ ਤੇ ਇਧਰ ਅਸੀਂ ਇਥੇ ਭਈਆਂ ਵਾਲ਼ੀ ਜੂਨ ਭੋਗ ਰਹੇ ਹਾਂ ਵਰਨਾ ਆਪਾਂ ਤਾਂ ਕਦੇ ਆਂਟੀ ਜੀ ਘੜੇ ਚੋਂ ਪਾਣੀ ਵੀ ਆਪ ਗਲਾਸ ਭਰ ਕੇ ਨਹੀਂ ਸੀ ਪੀਤਾ। ਚੰਹੁ ਭੈਣਾ ਦਾ 'ਕੱਲਾ ਭਰਾ ਸਾਂ। ਬਹੁਤ ਲੁੱਕ ਆਫ਼ਟਰ ਕਰਦੀਆਂ ਸਨ। ਮਾਂ ਦੀ ਹਦਾਇਤ ਜੁ ਸੀ। ਭਾਪਾ ਜੀ ਵੀ ਕਦੇ ਕਿਸੇ ਗੱਲੋਂ ਮੈਨੂੰ ਤੰਗ ਨਹੀਂ ਸੀ ਰੱਖ਼ਦੇ ਹੁੰਦੇ। ਪਰ ਗਿਲਾ ਮੈਨੂੰ ਭਾਪਾ ਜੀ 'ਤੇ ਵੀ ਹੈ। ਉਨ੍ਹਾਂ ਨੇ ਕਿਓਂ ਮੈਂਨੂੰ ਸਖ਼ਤੀ ਨਾਲ਼ ਟਰੈਵਲ ਏਜੰਟਾਂ ਦੀ ਚੁੰਗਲ਼ ਵਿਚ ਫ਼ਸਣੋਂ ਨਾ ਰੋਕਿਆ? ਹੁਣ ਸਮਝ ਆਉਂਦੀ ਹੈ ਕਿ ਵਾਧੂ ਦਾ ਲਾਡ ਕੰਮਚੋਰ ਤੇ ਨਖ਼ੱਟੂ ਮੁੰਡਿਆਂ ਨੂੰ ਕਿਵੇਂ ਵਗਾੜਦਾ ਹੈ। ਪੜ੍ਹ ਲਿਖ਼ ਲੈਂਦੇ ਤਾਂ ਚੰਗਾ ਹੁੰਦਾ। ਉਥੇ ਹੀ ਕਿਸੇ ਕਾਰੇ ਲੱਗ ਜਾਂਦੇ। ਪਰ ਭਾਪਾ ਜੀ ਵੀ ਕੀ ਕਰਦੇ? ਲਾਡਲਾ ਜੁ ਸਾਂ। ਬਾਹਰ ਜਾਣ ਦੇ ਭੂਤ ਨੂੰ ਠੀਕ ਕਰਨ ਲਈ ਉਨ੍ਹਾਂ ਨੇ ਬਥੇਰੇ ਜੁਗਾੜ ਕੀਤੇ। ਇਹ ਵੀ ਕੋਸ਼ਸ਼ ਕੀਤੀ ਕਿ ਕੈਨੇਡਾ ਵਿਚ ਕੋਈ ਕੁੜੀ ਹੀ ਮਿਲ਼ ਜਾਂਦੀ ਤਾਂ ਜੁ ਮੇਰਾ ਵਿਆਹ ਹੀ ਕਰ ਦਿੰਦੇ ਤੇ ਮੈਂ ਉੱਥੇ ਪੱਕਾ ਹੋ ਜਾਂਦਾ ਪਰ ਆਂਟੀ ਜੀ ਉੱਥੇ ਤਾਂ ਅੱਜਕਲ ਵੱਟੇ ਦੇ ਵਿਆਹ ਹੁੰਦੇ ਨੇ।''

ਪਾਲਾਂ ਨੂੰ ਉਹਦੀ ਭਈਆਂ ਵਾਲ਼ੀ ਗੱਲ ਤੇ ਹੋਰ ਗੱਲਾਂ ਤਾਂ ਸੁਣੀਆਂ ਹੀ ਨਾ। ਉਸ ਨੂੰ ਤਾਂ ਉਸ ਦਾ 'ਆਂਟੀ ਜੀ' ਕਹਿਕੇ ਮੁਖ਼ਾਤਵ ਹੋਣਾ ਹੀ ਮਾਰ ਗਿਆ ਸੀ। ਉਸ ਨੇ ਪੱਕੀ ਧਾਰ ਲਈ ਕਿ ਜੇਕਰ ਉਸ ਨੇ ਨੈਕਸਟ ਟਾਈਮ ਉਸ ਨੂੰ ਆਂਟੀ ਕਿਹਾ ਤਾਂ ਠੋਕਵਾਂ ਜਵਾਬ ਦੇਵੇਗੀ ਕਿ ਮਰ ਜਾਣਿਆਂ ਮੈਂ ਕਿਵੇਂ ਆਂਟੀ ਵਰਗੀ ਲੱਗਦੀ ਆਂ? ਆਟੀ ਤਾਂ ਢੱਲ਼ਦੀ ਉਮਰ ਦੀ ਜਾਂ ਬੁਢੀ ਤੀਵੀਂ ਨੂੰ ਕਹਿੰਦੇ ਹੁੰਦੇ ਨੇ ਤੇਰੇ ਵਰਗੇ ਜਵਾਨ ਮੁੰਡੇ। ਮੈਂ ਤਾਂ ਹਾਂ ਹੀ ਲਗਭਗ ਤੇਰੀ ਉਮਰ ਦੀ ਹੀ। ਪਰ ਉਹ ਕਿੰਨਾ ਚਿਰ ਉਸ ਨੂੰ ਇਹ ਗ੿ਲ ਕਹਿ ਨਾ ਸਕੀ।

ਇਕ ਦਿਨ ਫ਼ੇਰ ਉਸ ਨਾਲ਼ ਮੇਲ਼ ਹੋਇਆ ਤਾਂ ਸੱਤੀ ਕਹਿਣ ਲੱਗਾ,''ਆਂਟੀ ਹੁਣ ਤਾਂ ਦਿਲ ਅੱਕ ਗਿਆ। ਜੀਅ ਕਰਦੈ ਵਾਪਸ ਚਲਿਆ ਜਾਵਾਂ। ਪੂਰੇ ਚਾਰ ਸਾਲ ਹੋ ਗਏ ਨੇ ਘਰ ਛੱਡਿਆਂ। ਪਰ ਜਾਈਏ ਕਿੱਦਾਂ? ਪੇਪਰ ਤਾਂ ਮੇਰੇ ਕੋਲ਼ ਹੈ ਨਹੀਂ। ਉਹ ਤਾਂ ਅਸੀਂ ਏਜੰਟਾਂ ਦੇ ਕਹਿਣ ਉੱਤੇ ਹੀ ਪਾੜ ਛੱਡੇ ਸਨ। ਹੁਣ ਤਾਂ ਆਂਟੀ ਜੀ ਪੁਲੀਸ ਤੋਂ ਵੀ ਬੜਾ ਡਰ ਲਗਦਾ। ਸੁਣਿਆਂ ਇਨ੍ਹਾਂ ਨੇ ਇੰਡੀਅਨ ਐੰਬੈਸੀ ਨਾਲ਼ ਸਮਝੌਤਾ ਕਰ ਲਿਐ ਕਿ ਜਿਨ੍ਹਾਂ ਨੂੰ ਇਹਡੀਪੋਰਟ ਕਰਨਾ ਚਾਹੁਣ ਉਨ੍ਹਾਂ ਦੇ ਪਾਸਪੋਰਟ ਐੰਬੈਸੀ ਵਾਲ਼ੇ ਜਲਦੀ ਤੋਂ ਜਲਦੀ ਦੇ ਦਿਆ ਕਰਨ। ਆਂਟੀ ਬੜੇ ਮੂੰਡੇ ਡੀਪੋਰਟ ਕੀਤੇ ਨੇ ਪਿੱਛੇ ਜਿਹੇ। ਆਂਟੀ ਜੀ, ਉੱਤੋਂ ਮੁਸੀਬਤ ਇਹ ਹੈ ਕਿ ਦਿੱਲੀ ਦੇ ਪੁਲ਼ਸੀਏ ਵੀ ਵਾਪਸ ਜਾਣ ਵਾਲ਼ਿਆਂ ਨੂੰ ਬਹੁਤ ਫ਼ੈਂਟਾ ਚਾੜ੍ਹਦੇ ਹਨ। ਪਲੀਜ਼ ਆਂਟੀ ਕੋਈ ਇੱਥੋਂ ਦੀ ਕੁੜੀ ਨਾਲ਼ ਹੀ ਕੰਮ ਫ਼ਿੱਟ ਕਰਵਾ ਦਿਓ। ਪੱਕੇ ਹੋ ਜਾਈਏ। ਪਾਣੀ ਭਰੂੰ ਤੁਹਾਡਾ ਸਾਰੀ ਉਮਰ।''

ਨੈਕਸਟ ਟਾਈਮ ਜਦੋਂ ਪਾਲਾਂ ਘਰ ਦਾ ਪਿਛਲਾ ਪੈਟੀਓ ਵਾਲ਼ਾ ਹਿੱਸਾ ਸਾਫ਼ ਕਰਨ ਗਈ ਤਾਂ ਸੱਤੀ ਘਰ ਹੀ ਸੀ। ਸਾ ਸਰੀ 'ਕਾਲ, ਸਾ ਸਰੀ 'ਕਾਲ ਤੋਂ ਬਾਅਦ ਜਦੋਂ ਪਾਲਾਂ ਨੇ ਪੁੱਛਿਆ ਕਿ ਉਹ ਅੱਜ ਕੰਮ ਉੱਤੇ ਕਿਓਂ ਨਹੀਂ ਗਿਆ ਤਾਂ ਸੱਤੀ ਨੇ ਉੱਤਰ ਦਿੱਤਾ,''ਆਂਟੀ ਜੀ, ਅੱਜ ਧਰਮ ਨਾਲ਼ ਵੱਢਿਆਂ ਰੂਹ ਸੀ ਨਹੀਂ ਕੀਤੀ ਕੰਮ ਤੇ ਜਾਣ ਲਈ ਹਾਲਾਂਕਿ ਇਕ ਦੇਸੀ ਠੇਕੇਦਾਰ ਤਾਂ ਮਿੰਨਤਾਂ ਤੇ ਉੱਤਰ ਆਇਆ ਸੀ ਤੇ ਨਾਲ਼ੇ..।''

''ਨਾ ਗੱਲ ਸੁਣ ਵੇ ਸੱਤੀ,''ਪਾਲਾਂ ਨੇ ਹੱਥ ਵਿਚ ਫ਼ੜੇ ਹੋਏ ਬਰੂਮ ਨੂੰ ਪਰ੍ਹਾਂ ਵਗਾਉਂਦਿਆਂ ਖ਼ਿੱਝ ਕੇ ਵਿਚੋਂ ਹੀ ਟੋਕਦਿਆਂ ਕਿਹਾ,''ਆਪਣੀ ਹਾਣਦੀ ਨੂੰ ਆਂਟੀ ਕਹਿੰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?''

ਸੱਤੀ ਦਾ ਉੱਤਰ ਉੱਡੀਕੇ ਬਿਨਾ ਹੀ ਪਾਲਾਂ ਆਪਣੇ ਘਰ ਦੇ ਗਾਰਡਨ ਵੱਲ ਦਾ ਦਰਵਾਜ਼ਾ ਜ਼ੋਰ ਦੀ ਬੰਦ ਕਰਕੇ ਅੰਦਰ ਚਲੇ ਗਈ।

ਉਸ ਰਾਤ ਸੱਤੀ ਸਾਰੀ ਰਾਤ ਹੀ ਸੌਂ ਨਾ ਸਕਿਆ। ਆਨੀ ਬਹਾਨੀ ਉਹ ਬੈਕ ਰੂਮ ਦਾ ਦਰਵਾਜ਼ਾ ਖ਼ੋਲ੍ਹ ਕੇ ਪਾਲਾਂ ਹੁਰਾਂ ਦੇ ਬੈਡਰੂਮ ਨੂੰ ਨਿਹਾਰਦਾ ਰਿਹਾ। ਪਾਲਾਂ ਹੁਰਾਂ ਦਾ ਬੈਡਰੂਮ ਘਰ ਦੇ ਪਿਛਲੇ ਪਾਸੇ ਵੱਲ ਸੀ ਤੇ ਬੈਕ ਰੂਮ ਚੋਂ ਸਾਫ਼ ਦਿਸਦਾ ਸੀ।
ਸਾਰੀ ਰਾਤ ਉਨੀਂਦਰਾ ਰਹਿਣ ਦੇ ਬਾਵਜੂਦ ਵੀ ਸੱਤੀ ਦੂਜੇ ਦਿਨ ਚੁੱਪ ਕਰਕੇ ਕੰਮ ਤੇ ਚਲਾ ਗਿਆ। ਸ਼ਾਇਦ ਉਹ ਪਾਲਾਂ ਨੂੰ ਫ਼ੇਸ ਨਹੀਂ ਸੀ ਕਰ ਸਕਦਾ।

ਸ਼ਨਿੱਚਰਵਾਰ ਵਾਲ਼ੇ ਦਿਨ ਜਦੋਂ ਉਹ ਮੇਨ ਹਾਊਸ ਵਿਚ ਸ਼ਾਵਰ ਲੈਣ ਲਈ ਗਿਆ ਤਾਂ ਪਾਲਾਂ ਨੂੰ ਕਹਿਣ ਲੱਗਾ,''ਸੌਰੀ ਉੱਦਣ ਗ਼ਲਤੀ ਹੋ ਗਈ।''

''ਚੱਲ ਸੱਤੀ ਤੂੰ ਵੀ ਕੀ ਯਾਦ ਕਰੇਂਗਾ। ਤੇਰੀ ਸੌਰੀ ਕਬੂਲ ਹੈ ਪਰ ਇਨ੍ਹਾਂ ਦੇ ਸਾਹਮਣੇ ਤਾਂ ਤੂੰ ਮੈਨੂੰ ਆਂਟੀ ਹੀ ਕਿਹਾ ਕਰੀਂ। ਸ਼ੱਕੀ ਸੁਭਾਅ ਦਾ ਹੈ ਬੰਦਾ ਮੇਰਾ। ਉਸ ਵੇਲੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਮੈਂ ਆਂਟੀ ਸ਼ਬਦ ਸਹਾਰ ਲਿਆ ਕਰੂੰ ਤੇਰਾ ਪਰ ਇਕੱਲੀ ਹੋਵਾਂ ਤਾਂ ਇਹ ਗੁਨਾਹ ਨਾ ਕਰੀਂ।''

ਸੋਮਵਾਰ ਵਾਲ਼ੇ ਦਿਨ ਸੱਤੀ ਸਿਰ ਦੁਖ਼ਣ ਦਾ ਬਹਾਨਾ ਮਾਰਕੇ ਕੰਮ ਉੱਤੇ ਨਾ ਗਿਆ। ਵੀਕਐਂਡ ਦੌਰਾਨ ਅੱਖ਼ਾਂ ਹੀ ਅੱਖ਼ਾਂ ਵਿਚ ਪਾਲਾਂ ਤੇ ਸੱਤੀ ਦੀ ਗੱਲ ਬਾਤ ਹੋ ਗਈ ਸੀ।

ਸੱਤੀ ਦੇ ਸਾਥੀ ਕੰਮ ਉੱਤੇ ਜਾ ਚੁੱਕੇ ਸਨ। ਪਾਲਾਂ ਬੱਚਿਆਂ ਨੂੰ ਸਕੂਲੇ ਛੱਡ ਆਈ ਸੀ। ਅਖ਼ਤਿਆਰ ਸਿੰਘ ਕੰਮ ਤੇ ਜਾ ਚੁੱਕਿਆ ਸੀ। ਪਾਲਾਂ ਨੇ ਹੌਲ਼ੀ ਦੇ ਕੇ ਬੈਕ ਰੂਮ ਵੱਲ ਦਾ ਮੇਨ ਘਰ ਦਾ ਪਿੱਛਲਾ ਬੂਹਾ ਖ਼ੋਲ੍ਹ ਦਿੱਤਾ। ਪਾਲੀ ਨੇ ਦੇਖ਼ ਲਿਆ ਕਿ ਔਲ ਕਲੀਅਰ ਦਾ ਸਿਗਨਲ ਹੋ ਚੁੱਕਿਆ ਸੀ। ਅਖ਼ਤਿਆਰ ਸਿੰਘ ਨੇ ਕੰਮੋ ਸ਼ਾਮ ਨੂੰ ਹੀ ਪਰਤਣਾ ਸੀ।
ਸੱਤੀ ਨੂੰ ਆਪਣੇ ਘਰ ਅੰਦਰ ਦਾਖ਼ਲ ਕਰਨ ਉਪਰੰਤ ਪਾਲਾਂ ਨੇ ਥੋੜ੍ਹਾ ਜਿਹਾ ਸ਼ਰਮਾਉਂਦਿਆਂ ਤੇ ਹੱਸਦਿਆਂ ਕਿਹਾ,''ਅੱਜ ਕੰਮ ਤੇ ਕਿਓਂ ਨਹੀਂ ਗਿਆ?''
ਕਿੰਨਾ ਫ਼ਜ਼ੂਲ ਸਵਾਲ ਸੀ। ਉਸ ਨੇ ਅੰਦਰ ਹੀ ਅੰਦਰ ਆਪਣੇ ਆਪ ਨੂੰ ਹੀ ਕਿਹਾ।
''ਤੈਨੂੰ ਜੁ ਮਿਲ਼ਣਾ ਸੀ।'' ਸੱਤੀ ਨੇ ਪਾਲਾਂ ਦਾ ਹੱਥ ਫ਼ੜਦਿਆਂ ਕਿਹਾ।
''ਕਿਓਂ ਅੱਜ ਕੋਈ ਖ਼ਾਸ ਗੱਲ ਆ?''
''ਅੱਜ ਬੇਚੈਨੀ ਪਹਿਲਾਂ ਨਾਲ਼ੋਂ ਵੱਧ ਹੈ। ਸਾਰੀ ਰਾਤ ਨੀਂਦਰ ਵੀ ਨਹੀਂ ਪਈ। ਉੱਸਲਵੱਟੇ ਲੈ ਲੈ ਲੰਘੀ ਹੈ ਸਾਰੀ ਰਾਤ।''ਸੱਤੀ ਦੀਆਂ ਅੱਖ਼ਾਂ ਦੇ ਡੋਰੇ ਲਾਲ ਹੋਏ ਪਏ ਸਨ। ਉਸ ਦੀਆਂ ਅੱਖ਼ਾਂ ਪਾਲਾਂ ਦੇ ਸਾਰੇ ਸਰੀਰ ਨੂੰ ਨਾਪ ਤੋਲ ਰਹੀਆਂ ਸਨ।
''ਹੁਣ ਸੌਣ ਲਈ ਆਇਆਂ?'' ਪਾਲਾਂ ਨੇ ਇਕ ਗੈਰਜ਼ਰੂਰੀ ਸਵਾਲ ਕੱਢ ਮਾਰਿਆ।
''ਨਹੀਂ ਹੋਰ ਵੀ ਬੇਚੈਨ ਹੋਣ ਲਈ ਆਇਆਂ।'' ਸੱਤੀ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ।
ਪਾਲਾਂ ਨੇ ਉਸਦਾ ਉਸੇ ਹੀ ਉੱਤਸੁਕਤਾ ਨਾਲ਼ ਹੱਥ ਫ਼ੜੀ ਰੱਖ਼ਿਆ।
..ਤੇ ਫ਼ਿਰ ਉਸ ਤੋਂ ਸ਼ਾਇਦ ਹੋਰ ਸਬਰ ਨਾ ਹੋ ਸਕਿਆ ਤੇ ਸੱਤੀ ਨੂੰ ਹਲਕੇ ਜਿਹੇ ਹੁੱਝਕੇ ਨਾਲ਼ ਉਹ ਆਪਣੇ ਬੈਡਰੂਮ ਵੱਲ ਲੈ ਤੁਰੀ।

ਉਸ ਦਿਨ ਤੋਂ ਬਾਅਦ ਪਾਲ਼ਾਂ ਘਰ ਦੀ ਮਾਲਕਣ ਨਾ ਰਹੀ ਤੇ ਸੱਤੀ ਕੇਵਲ ਬੈਕ ਰੂਮ ਦਾ ਟੇਨੈਂਟ ਨਾ ਰਿਹਾ।

ਇੰਝ ਹੀ ਤਕਰੀਬਨ ਰੋਜ਼ ਉਦੋਂ ਹੋਣ ਲੱਗੀ ਜਦੋਂ ਅਖ਼ਤਿਆਰ ਸਿੰਘ ਕੰਮ ਤੇ ਗਿਆ ਹੋਇਆ ਹੁੰਦਾ, ਬੱਚੇ ਸਕੂਲ ਗਏ ਹੋਏ ਹੁੰਦੇ ਤੇ ਸੱਤੀ ਦੇ ਸਾਥੀ ਕੰਮ ਆਦਿ ਨੂੰ ਰਵਾਨਾ ਹੋ ਗਏ ਹੁੰਦੇ। ਦਰਅਸਲ ਸੱਤੀ ਦੇ ਦੋਹਾਂ ਸਾਥੀਆਂ ਨੂੰ ਯਕੀਨ ਸੀ ਕਿ ਸੱਤੀ ਇਸ ਸਥਿਤੀ ਨੂੰ ਆਪਣੇ ਮੁਫ਼ਾਦ ਲਈ ਜ਼ਰੂ੍ਰਰ ਵਰਤੇਗਾ ਤੇ ਕੇਅਰਫ਼ੁੱਲ ਵੀ ਰਹੇਗਾ ਕਿਉਂਕਿ ਆਖ਼ਰ ਤਾਂ ਇਹ ਡੇਂਜਰਸ ਗੱਲ ਸੀ। ਉਹ ਈਰਖ਼ਾਵਾਦੀ ਨਹੀਂ ਸਨ। ''ਇਹਦੀ ਕਿਸਮਤ ਵਿਚ ਅਗਰ ਮੌਜਾਂ ਲਿੱਖ਼ੀਆਂ ਹਨ ਤਾਂ ਗੁੱਡ ਲੱਕ ਬਈ।''ਉਹ ਸੋਚ ਛੱਡਦੇ।
ਇਕ ਦਿਨ ਬੈਡਰੂਮ ਚੋਂ ਨਿਕਲਦਿਆਂ ਪਾਲਾਂ ਨੇ ਸੱਤੀ ਦੇ ਹੱਥ ਵਿਚ ਸੌ ਪੌਂਡ ਥਮਾਅ ਦਿੱਤੇ।

''ਇਹ ਕਾਹਦੇ ਲਈ ਪਾਲਾਂ?'' ਸੱਤੀ ਨੇ ਪੁੱਛਿਆ।
''ਖ਼ਰਚੇ ਨਹੀਂ ਤੇਰੇ ਆਪਣੇ? ਕੰਮ ਤੇ ਤਾਂ ਲੰਗੇ ਡੰਗ ਜਾਨੈ। ਲੈ ਲੈ ਚੁੱਪ ਕਰਕੇ।''
ਇੰਝ ਸੱਤੀ ਦੀ ਆਮਦਨ ਵੀ ਸ਼ੁਰੂ ਹੋ ਗਈ ਸੀ ਤੇ ਇਕ ਉਤਸਕ ਤੇ ਸੈਕਸੀ ਤੀਵੀਂ ਦਾ ਸਾਥ ਵੀ ਮਿੱਲ ਗਿਆ ਸੀ। ''ਵਾਹ ਵਾਹ ਮੌਲਾ ਕਿਆ ਰੰਗ ਹਨ ਤੇਰੇ। ਮਾਲਕਾ ਤੂੰ ਹੀ ਦੱਸ ਕਿ ਮੇਰਾ ਬਲਿਹਾਰੇ ਜਾਣ ਨੂੰ ਦਿਲ ਕਿਓਂ ਨਾ ਕਰ ਤੇਰੇ ਤੇ?''ਸੱਤੀ ਅਕਸਰ ਹੀ ਇਹ ਸਤਰਾਂ ਆਪਣੇ ਮਨ ਵਿਚ ਦੁਹਰਾਉਂਦਾ।

....ਕਹਿੰਦੇ ਨੇ ਕਿ ਜਦੋਂ ਲੋਹਾ ਗ਼ਰਮ ਹੋਵੇ ਤਾਂ ਸੱਟ ਮਾਰਨ ਤੋਂ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ। ਤੇ ਇਕ ਦਿਨ ਪਾਲਾਂ ਦਾ ਡਾਹਢਾ ਹੀਰੋਮਾਂਟਿਕ ਮੂਡ ਵੇਖ਼ ਕੇ ਸੱਤੀ ਨੇ ਆਪਣੇ ਮਨ ਦੀ ਗੱਲ ਕਹਿ ਹੀ ਦਿੱਤੀ,''ਪਾਲਾਂ ਤਲਾਕ ਲੈ ਲੈ ਆਪਣੇ ਬੰਦੇ ਕੋਲ਼ੋਂ। ਇਥੇ ਤਾਂ ਡਾਈਵੋਰਸ ਲੈਣਾਂ ਮਮੂਲੀ ਜਿਹੀ ਗੱਲ ਹੀ ਸਮਝੀ ਜਾਂਦੀ ਆ। ਮੈਂ ਵਿਆਹ ਕਰਾਉਣਾ ਚਾਹੁੰਨਾ ਤੇਰੇ ਨਾਲ਼। ਵੀ ਆਰ ਏ ਗੁੱਡ ਟੀਮ ਯਾਰ।''

ਇਹਦੀ ਬਜਾਏ ਕਿ ਪਾਲਾਂ ਇੱਕ ਦਮ ਭੜਕ ਉੱਠਦੀ, ਉਸ ਨੇ ਸਿਰਫ਼ ਏਨਾ ਹੀ ਕਿਹਾ,'' ਹੋਸ਼ ਤੋਂ ਕੰਮ ਲੈ ਮਰ ਜਾਣਿਆਂ। ਤੂਫ਼ਾਨ ਖ਼ੜ੍ਹਾ ਹੋ ਜਾਣਾ। ਮੇਰਾ ਬੰਦਾ ਬਹੁਤ ਡਾਹਢਾ ਹੈ। ਮੈਨੂੰ ਤਾਂ ਉਸ ਨੇ ਵੱਢ ਹੀ ਦੇਣਾ। ਤੇਰੇ ਵੀ ਛੋਟੇ ਛੋਟੇ ਡੱਕਰੇ ਕਰੂ।''
ਸੱਤੀ ਨੇ ਪੂਰੇ ਅਤੇ ਪੱਕੇ ਇਰਾਦੇ ਨਾਲ਼ ਉੱਤਰ ਦਿੱਤਾ,''ਪਾਲਾਂ ਕੁਰੇ ਇੱਕ ਗੱਲ ਸੁਣ ਲੈ ਧਿਆਨ ਨਾਲ਼। ਆਹ ਤੇਰਾ ਯਾਰ ਐਮੇਂ ਹੀ ਨੀ। ਆਪਣੀ ਚੀਜ਼ ਖ਼ਾਤਰ ਤੇਰੇ ਬੰਦੇ ਦੇ ਪਹਿਲਾਂ ਮੈਂ ਡੱਕਰੇ ਕਰੂੰ । ਆਹ ਡੌਲੇ ਐਂਵੇਂ ਹੀ ਨਹੀਂ ਪਾਲ਼ੇ ਹੋਏ। ਬੂਰੀਆਂ ਦਾ ਦੁੱਧ ਚੁੰਘਿਆ ਹੋਇਆ ਯਾਰਾਂ ਨੇ। ਦੁੱਧ ਮੱਖ਼ਣਾਂ ਨਾਲ਼ ਪਾਲ਼ਿਆ ਹੋਇਆ ਘਰ ਦਿਆ ਨੇ ''
''ਨਾ ਰਹਿਣ ਦੇਹ।ਮੈਨੂੰ ਨਹੀਂ ਇਹ ਟਰੱਬਲ ਚਾਹੀਦੀ।''ਪਾਲਾਂ ਨੇ ਥੋੜ੍ਹੀ ਜਿਹੀ ਘਬਰਾਹਟ ਵਿਚ ਕਿਹਾ।ਉਹ ਸੱਤੀ ਦੀਆਂ ਅੱਖ਼ਾਂ ਵਿਚ ਸੰਜੀਦਗ਼ੀ ਦੇਖ਼ ਸਕਦੀ ਸੀ।
''ਸੋ ਫ਼ਿਰ ਤੇਰਾ ਇਹ ਪਤੰਦਰ ਪੱਕਾ ਕਿੱਦਾਂ ਹੋਊ?''

ਪਾਲਾਂ ਨੇ ਹੈਰਾਨੀ ਨਾਲ਼ ਕਿਹਾ,'' ਸੋ ਤੂੰ ਪੱਕਾ ਹੋਣ ਲਈ ਹੀ ਮੇਰੇ ਨਾਲ਼ ਫ਼ੇਰੇ ਲੈਣੇ ਆਂ? ਪਿਆਰ ਨਹੀਂ ਤੈਨੂੰ ਮੇਰੇ ਨਾਲ਼?''
''ਆਪਣੇ ਮਨ ਤੋਂ ਪੁੱਛ ਪਾਲਾਂ ਕਿ ਕੀ ਤੈਨੂੰ ਵੀ ਮੇਰੇ ਨਾਲ਼ ਪਿਆਰ ਹੈ ਕਿ ਬੱਸ ਆਪਣੀ ਬੋਰੀਅਤ ਤੇ ਸੈਕਸਲੈਸ਼ ਲਾਈਫ਼ ਤੋਂ ਛੁੱਟਕਾਰਾ ਪਾਉਣ ਦਾ ਹੀ ਇਰਾਦਾ ਸੀ?''

ਉਸ ਦਾ ਉੱਤਰ ਉਡੀਕੇ ਬਿਨਾਂ ਹੀ ਸੱਤੀ ਬੈਕ ਰੂਮ ਵੱਲ ਚਲਾ ਗਿਆ। ਉਸ ਦੀ ਅੱਖ਼ਾਂ ਵਿਚ ਬਹੁਤ ਗੁੱਸਾ ਸੀ।
ਪਾਲਾਂ ਸੁੰਨ ਹੋਈ ਖ਼ੜ੍ਹੀ ਰਹੀ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇਹ ਬੰਦਾ ਸਿਰਫ਼ ਉਸ ਦਾ ਘਰ ਪੁੱਟਣ ਤੀਕ ਤੇ ਆਪਣਾ ਘਰ ਵਸਾਉਣ ਤੀਕ ਹੀ ਦਿਲਚਸਪੀ ਰੱਖ਼ਦਾ ਹੈ। ਪੱਕਾ ਹੋ ਗਿਆ ਤਾਂ ਮੈਨੂੰ ਡਾਇਵੋਰਸ ਕਰਕੇ ਇੰਡੀਆ ਤੋਂ ਕੋਈ ਹੋਰ ਲੈ ਆਊ-ਕੋਈ ਆਪਣੇ ਹਾਣ ਦੀ ਤੇ ਕੰਜ ਕੁਆਰੀ। ਮੇਰੇ ਤਾਂ ਨਿਆਣੇ ਰੁਲ ਗਏ ਨਾ?ਮੇਰਾ ਤਾਂ ਘਰ ਟੁੱਟ ਜਾਊ ਨਾ? ਖ਼ੁਦਗ਼ਰਜ਼ ਬਾਸਟਰਡ।''

ਉਸ ਸਾਰੀ ਰਾਤ ਪਾਲਾਂ ਬਹੁਤ ਬੇਚੈਨ ਰਹੀ। ਦੂਜੇ ਦਿਨ ਅਖ਼ਤਿਆਰ ਸਿੰਘ ਕੰਮ ਉੱਤੇ ਨਾ ਗਿਆ। ਉਸ ਨੂੰ ਬੁਰੀ ਤਰ੍ਹਾਂ ਨਾਲ਼ ਬੁਖ਼ਾਰ ਚੜ੍ਹਿਆ ਹੋਇਆ ਸੀ। ਉਹ ਹਫ਼ਤਾ ਭਰ ਐਂਟੀ ਬਾਇਓਟਿਕ ਉੱਤੇ ਰਿਹਾ। ਸਾਰਾ ਸਮਾਂ ਪਾਲਾਂ ਰੋਬੋਟ ਵਾਂਗ ਘਰ ਦੇ ਕੰਮ ਕਾਰ ਕਰਦੀ ਰਹੀ। ਬੋਲੀ ਬਿਲਕੁਲ ਕੁਝ ਵੀ ਨਾ।
ਅਖ਼ਤਿਆਰ ਸਿੰਘ ਖ਼ਿੱਝ ਗਿਆ।''ਤੈਨੂੰ ਕੀ ਸੱਪ ਸੁੰਘ ਗਿਆ? ਹਫ਼ਤਾ ਹੋ ਗਿਆ ਦੁੰਨ ਬੱਟਾ ਬਣੀ ਹੋਈ ਨੂੰ। ਨਾ ਬੋਲਦੀ ਆ ਨਾ ਨੇੜੇ ਆਉਣ ਦਿੰਦੀ ਆ।''
''ਭਲਾ ਮੇਰੀ ਤਬੀਅਤ ਨਹੀਂ ਕਦੇ ਖ਼ਰਾਬ ਹੋ ਸਕਦੀ?''ਪਾਲਾਂ ਟਰਕਾਅ ਗਈ।

ਸੱਤੀ ਉਸ ਹਫ਼ਤੇ ਦੋ ਕੁ ਦਿਨ ਹੀ ਕੰਮ ਉੱਤੇ ਗਿਆ। ਬਾਕੀ ਦੇ ਦਿਨ ਬੈਕ ਰੂਮ 'ਚ ਹੀ ਬੈਠਾ ਰਿਹਾ ਤੇ ਉਦਾਸ ਕਿਸਮ ਦੇ ਗੀਤ ਸੁਣਦਾ ਰਿਹਾ। ਪਰ ਵਾਰ ਵਾਰ ਸੂਹ ਲੈਂਦਾ ਰਿਹਾ ਤੇ ਬਿੜਕਾਂ ਲੈਂਦਾ ਰਿਹਾ ਕਿ ਅਖ਼ਤਿਆਰ ਸਿੰਘ ਘਰੇ ਹੈ ਜਾਂ ਕੰਮ ਉੱਤੇ ਗਿਆ ਹੋਇਆ?

ਅਗ਼ਲੇ ਹਫ਼ਤੇ ਜਦੋਂ ਅਖ਼ਤਿਆਰ ਸਿੰਘ ਕੰਮ ਉੱਤੇ ਗਿਆ ਤਾਂ ਸੱਤੀ ਭੁੱਖ਼ੇ ਸ਼ੇਰ ਵਾਂਗ ਅੰਦਰ ਆ ਘੁਸਿਆ ਤੇ ਪਾਲਾਂ ਨੂੰ ਜੱਫ਼ੀ 'ਚ ਲੇ ਕੇ ਉਸ ਦੀਆਂ ਚੁੰਮੀਆਂ ਲੈਣ ਲੱਗ ਪਿਆ।

ਪਰ ਪਾਲਾਂ ਨੇ ਉਹਨੂੰ ਪੂਰੇ ਜ਼ੋਰ ਨਾਲ਼ ਪਰ੍ਹਾਂ ਧੱਕ ਦਿੱਤਾ।,''ਖ਼ਬਰਦਾਰ ਜੇ ਮੈਨੂੰ ਹੱਥ ਲਾਇਆ ਤਾਂ? ਆਈ ਐਮ ਨੌਟ ਇੰਟਰੈਸਟਡ ਇਨ ਯੂ ਔਰ ਯੁਅਰ ਸੈਕਸੁਅਲ ਐਕਟ ਐਨੀ ਮੋਰ। ਥੈਂਕ ਯੂ। ''ਮਗਰਲੇ ਲਫ਼ਜ਼ ਉਸ ਨੇ ਅਗ਼ਰੇਜ਼ੀ ਵਿਚ ਕਹੇ। ਕੁਝ ਗੱਲਾਂ ਸ਼ਾਇਦ ਅੰਗਰੇਜ਼ੀ ਵਿਚ ਕਹਿਣੀਆਂ ਸੌਖ਼ੀਆਂ ਹੁੰਦੀਆ ਹਨ।''
''ਕੀ ਨੌਨਸੈਨਸ ਬੱਕਣ ਡਹੀ ਹੋਈ ਆਂ ਪਾਲਾਂ?''ਸੱਤੀ ਪਾਲਾਂ ਦੇ ਠੰਡੇ ਵਤੀਰੇ ਤੋਂ ਹੈਰਾਨ ਹੋ ਗਿਆ ਸੀ ਪਰ ਫ਼ਿਰ ਪਿਆਰ ਨਾਲ਼ ਬੋਲਿਆ ''ਆਈ ਲਵ ਯੂ ਯਾਰ।''

''ਸੱਭ ਝੂਠ। ਸੱਭ ਬਕਵਾਸ। ਸਿਵਾ ਇੱਥੇ ਪੱਕਾ ਹੋਣ ਦੇ ਤੇਰਾ ਕੋਈ ਇੰਟਰੈਸਟ ਨਹੀਂ ਮੇਰੇ ਵਿਚ।''
''ਬੁਰਾ ਮਨਾਇਆ ਕਿ ਮੈਂ ਤੈਨੂੰ ਕਹਿ ਦਿੱਤਾ ਸੀ ਕਿ ਉਹਨੂੰ ਛੱਡ ਕੇ ਮੇਰੇ ਨਾਲ਼ ਵਿਆਹ ਕਰਵਾ ਲੈ?''
''ਇਹ ਵੀ ਕਹਿ ਦੇਹ ਕਿ ਪੱਕਾ ਹੋਣ ਲਈ ਵਿਆਹ ਕਰਾਉਣਾ ਤੇ ਫ਼ੇਰ ਠੁਠ ਦਿਖ਼ਾ ਦੇਣਾ।ਤੇਰਾ ਸਾਰਾ ਨਿਸ਼ਾਨਾ ਬੱਸ ਇਥੇ ਇਸ ਦੇਸ ਵਿਚ ਟਿਕਣਾ ਹੀ ਹੈ'' ਪਾਲਾਂ ਦੇ ਮੂਡ ਵਿਚ ਕੋਈ ਤਬਦੀਲੀ ਨਹੀਂ ਸੀ ਆ ਰਹੀ।
''ਸੱਤ ਸਮੁੰਦਰ ਪਾਰ ਕਰਕੇ ਆਇਆ ਹਾਂ,'' ਸੱਤੀ ਫ਼ੈਸਲਾਕੁੰਨ ਗੱਲ ਕਹਿਣ ਉੱਤੇ ਉੱਤਰ ਆਇਆ ਸੀ।,''ਘਰ ਦੀ ਜ਼ਮੀਨ ਗਹਿਣੇ ਧਰੀ ਹੋਈ ਆ। ਕਰਜ਼ੇ ਉੱਤੇ ਵਿਆਜ ਪੈ ਰਿਹਾ। ਭੈਣਾਂ ਵਿਹਾਉਣ ਵਾਲ਼ੀਆ ਨੇ। ਘਰ ਦੀਆਂ ਜ਼ਿੰਮੇਵਾਰੀਆਂ ਵਿਕਰਾਲ਼ ਬਣਕੇ ਖ਼ੜੀ੍ਹਆਂ ਹੋਈਆਂ ਹੋਈਆਂ ਨੇ। ਵਾਪਸ ਪਰਤਣ ਜੋਗਾ ਮੈਂ ਰਿਹਾ ਨਹੀਂ। ਤੂੰ ਮੇਰੀ ਏਨੀ ਵੀ ਹੈਲਪ ਨਹੀਂ ਕਰ ਸਕਦੀ ਯਾਰ? ਆਡਟਰ ਔਲ ਵੀ ਹੈਡ ਏ ਗੁੱਡ ਟਾਈਮ'' ਸੱਤੀ ਨੇ ਨਕਲੀ ਕਿਸਮ ਦਾ ਲਾਡ ਦਿਖ਼ਾਉਂਦਿਆਂ ਕਿਹਾ।
''ਵੱਟ ਅਬਾਉਟ ਮੀ? ਵੱਟ ਅਬਾਉਟ ਮਾਈ ਚਿਲਡਰਨ? ਮੇਰੇ ਬੱਚੇ ਕਿੱਥੇ ਜਾਣਗੇ?''ਪਾਲਾਂ ਨੇ ਉਹਨੂੰ ਪਰ੍ਹਾਂ ਧੱਕਦਿਆਂ ਕਿਹਾ।

''ਤੇਰੀ ਲੁੱਕ ਆਫ਼ਟਰ ਮੈਂ ਚੰਗੀ ਤਰ੍ਹਾਂ ਕਰੂੰ ਡਾਰਲਿੰਗ।''
''ਤੇ ਮੇਰੇ ਨਿਆਣੇ?''
''ਉਨ੍ਹਾਂ ਦੀ ਵੀ ਕਰੂੰਗਾ ਹੀ ਪਰ ਤੂੰ ਉਨਾ੍ਹਂ ਦੀ ਕਸਟੱਡੀ ਅਖ਼ਤਿਆਰ ਸਿੰਘ ਨੂੰ ਦੇ ਦਈਂ ਨਾ। ਮਾਂ ਹੋਣ ਦੇ ਨਾਤੇ ਵਿਜ਼ਿਟਿੰਗ ਰਾਈਟ ਤਾਂ ਤੈਨੂੰ ਮਿਲ਼ ਹੀ ਜਾਣੇ ਨੇ। ਆਪਾਂ ਆਪਣੇ ਪੈਦਾ ਕਰਾਂਗੇ। ''ਜਾਪਦਾ ਸੀ ਕਿ ਸੱਤੀ ਨੇ ਸਭ ਕੁੱਝ ਵਰਕ ਆਊਟ ਕੀਤਾ ਹੋਇਆ ਸੀ।
''ਦਫ਼ਾ ਹੋ ਜਾਹ ਇੱਥੋਂ,''ਪਾਲਾਂ ਤਿਲਮਿਲਾਅ ਗਈ,''ਇਸ ਘਰ 'ਚ ਮੁੜ ਕੇ ਪੈਰ ਨਾ ਪਾਈਂ ਬੇਸ਼ਰਮਾਂ।''
''ਚੁੱਪ ਕਰਕੇ ਨਹੀਂ ਜਾਂਦਾ ਮੈਂ। ''ਸੱਤੀ ਨੇ ਚੈਲਿੰਜ ਕਰਨ ਦੇ ਅੰਦਾਜ਼ ਵਿਚ ਕਿਹਾ।
''ਚੁੱਪ ਕਰਕੇ ਹੀ ਜਾਵੇਂਗਾ ਤੂੰ।''ਪਾਲਾਂ ਦੇ ਬੋਲਾਂ ਵਿਚ ਦ੍ਰਿੜ੍ਹਤਾ ਸੀ।

ਅਚਾਨਕ ਇਕ ਦਿਨ ਦੋ ਪਲੀਸ ਮੈਨ ਅਤੇ ਕੌਂਸਲ ਦੇ ਦੋ ਅਫ਼ਸਰ ਉਨ੍ਹਾਂ ਦੇ ਬੂਹੇ ਅੱਗੇ ਆ ਧਮਕੇ। ਆਪਣਾ ਆਈ ਡੀ ਉਨ੍ਹਾਂ ਨੇ ਅਖ਼ਤਿਆਂਰ ਸਿੰਘ ਅੱਗੇ ਕਰਦਿਆ ਉਨ੍ਹਾਂ ਚੋਂ ਇਕ ਨੇ ਕਿਹਾ,''ਹੀਅਰ ਇਜ਼ ਅਵਰ ਸਰਚ ਵਾਰੰਟ। ਅਸੀੰ ਤੁਹਾਡਾ ਪਿੱਛਲਾ ਰੂਮ ਚੈੱਕ ਕਰਨਾ ਹੈ। ਇਕ ਅਨੌਨੀਮਸ ਫ਼ੋਨ ਕਾਲ ਆਈ ਸੀ ਕਿ ਤੁਹਾਡੇ ਬੈਕ ਰੂਮ ਵਿਚ ਕੁਝ ਇੱਲੀਗਲ ਬੰਦੇ ਰਹਿੰਦੇ ਹਨ।''ਅਖ਼ਤਿਆਰ ਸਿੰਘ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਚਾਰੇ ਜਣੇ ਪਿਛਲੇ ਰੂਮ ਅੱਗੇ ਜਾ ਖ਼ੜ੍ਹੇ ਹੋਏ। ਅੰਦਰ ਤਿੰਨੇ ਹੀ ਪੰਜਾਬੀ ਮੂੰਡੇ ਡਰੇ ਹੋਏ ਤੇ ਸਹਿਮੇ ਹੋਏ ਬੈਠੇ ਸਨ।

ਇਕ ਪੁਲੀਸ ਅਫ਼ਸਰ ਨੇ ਮੋਬਾਇਲ ਫ਼ੋਨ ਵਰਤ ਕੇ ਹੋਰ ਪੁਲੀਸ ਅਫ਼ਸਰ ਬੁਲਾ ਲਏ। ਤੇ ਫ਼ਿਰ ਅਖ਼ਤਿਆਰ ਸਿੰਘ ਨੂੰ ਮੁਖ਼ਾਤਵ ਹੋ ਕੇ ਬੋਲਿਆ, ''ਹਾਓ ਮੈਨੀ ਮੋਰ ਪੀਪਲ ਲਿਵ ਹੀਅਰ?''
''ਨੋ ਮੋਰ ਸਰ। ਦੇਅ ਆਰ ਓਨਲੀ ਰੈਲੇਟਿਵਜ਼।'' ਅਫ਼ਸਰ ਨੇ ਝੱਟ ਨੋਟ ਕਰ ਲਿਆ ਕਿ ਅਖ਼ਤਿਆਰ ਸਿੰਘ ਇੱਲੀਗਲ ਲੋਕਾਂ ਨੂੰ ਪਨਾਹ ਦਿੰਦਾ ਸੀ। ਉਸ ਦਾ ਚਲਾਣ ਕੱਟ ਦਿੱਤਾ ਗਿਆ। ਤੇ ਫ਼ਿਰ ਕਹਿਣ ਲੱਗਾ,''ਕੋਰਟ ਦਾ ਨੋਟਿਸ ਆਵੇਗਾ। ਲਾਅ ਵਿਲ ਟੇਕ ਇਟਸ ਕੋਰਸ।''
ਫ਼ਿਰ ਕੌਂਸਲ ਦੇ ਅਫ਼ਸਰ ਨੇ ਕਿਹਾ,''ਤੁਹਾਨੂੰ ਇਹ ਕਮਰਾ ਢਾਹੁਣ ਦਾ ਨੋਟਿਸ ਆਵੇਗਾ। ਕੌੰਸਲ ਦੇ ਨੇਮਾਂ ਨੂੰ ਤੋੜਨ ਵਾਰੇ ਵੀ ਲੀਗਲ ਐਕਸ਼ਨ ਲਿਆ ਜਾਵੇਗਾ ਤੇ ਹਰਜਾਨਾ ਵੀ ਦੇਣਾ ਪਵੇਗਾ।''
ਫ਼ਟਾ ਫ਼ੱਟ ਪੁਲੀਸ ਦੀ ਵੈਨ ਆ ਗਈ। ਸੱਤੀ ਅਤੇ ਉਨ੍ਹਾਂ ਦੇ ਦੋਹਾਂ ਸਾਥੀਆਂ ਦੇ ਹੱਥ ਕੜੀਆਂ ਲਗਾ ਕੇ ਉਨ੍ਹਾਂ ਨੂੰ ਪੁਲੀਸ ਵੈਨ ਵਿਚ ਬਿਠਾ ਲਿਆ ਗਿਆ।
ਸੱਤੀ ਨੇ ਪੁਲੀਸ ਦੀ ਬੈਨ ਵਿਚ ਬੈਠਣ ਤੋਂ ਪਹਿਲਾਂ ਘਰ ਦੇ ਵੱਡੇ ਬੂਹੇ ਵਿਚ ਖ਼ੜੋਤੀ ਪਾਲਾਂ ਵੱਲ ਤੱਕਿਆ।
ਪਾਲਾਂ ਦੀਆਂ ਅੱਖ਼ਾਂ ਵਿਚ ਖ਼ੱਚਰਾ ਹਾਸਾ ਸੀ।

No comments:

Post a Comment